ਗੁਰ ਜੈਸਾ ਨਾਹੀ ਦੋ ਦੇਵ ॥ ਪ੍ਰੋ. ਇੰਦਰ ਸਿੰਘ ਘੱਗਾ

ਸਤਿਗੁਰੂ ਜੀ ਵੱਲੋਂ ਸਿੱਖ ਪੰਥ ਨੂੰ ਗਿਆਨ ਦੇ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਗਿਆ ਸੀ। ਇਸ ਪਾਵਨ ਬਾਣੀ ਵਿੱਚੋਂ ਸਰਬ ਪੱਖੀ ਅਗਵਾਈ ਲੈ ਕੇ ਸਿੱਖ ਪਰਉਪਕਾਰੀ ਬਣੇ। ਮਿਹਨਤੀ ਬਣੇ,ਈਮਾਨਦਾਰ ਬਣੇ ਅਤੇ ਲਾਸਾਨੀ ਯੋਧੇ ਬਣ ਕੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ। ਸਸਾਂ ਪਾ ਕੇ ਸੁੱਖ ਰਹਿਣੇ ਹੋ ਗਏ। ਬਾਣੀ ਵੱਲੋਂ ਅਵੇਸਲੇ ਹੋ ਗਏ। ਅਨਪੜ੍ਹ ਰਹਿ ਗਏ। ਇਨ੍ਹਾਂ ਕਮਜ਼ੋਰੀਆਂ ਦਾ ਫਾਇਦਾ ਉਠਾਉਣ ਲਈ ਸਿੱਖਾਂ ਨੂੰ ਲੁੱਟ ਕੇ ਖਾਨ ਲਈ ਹਜ਼ਾਰਾਂ ਕਿਸਮ ਦੇ ਰੰਗ ਬਰੰਗੇ ਧਰਮ ਸਥਾਨ ਸਾਧ ਸੰਤ ਉਠ ਪਏ। ਡੇਰੇ,ਠਾਠਾਂ,ਟਿਕਾਣੇ ਤੇ ਟਕਸਾਲਾਂ ਬਣਾ ਲਈਆਂ। ਸਾਰੇ ਧਰਮ ਸਥਾਨ ਆਪਣੀ ਨਿੱਜੀ ਮਾਲਕੀ ਬਣਾ ਲਏ। ਡੋਲੇ ਸ਼ਰਧਾਲੂਆਂ ਨੂੰ ਚੂੰਡ ਚੂੰਡ ਕੇ ਖਾਣ ਲੱਗੇ।

ਅੱਜ ਭਾਵੇਂ ਡੇਰਾ ਸੌਦਾ ਸਿਰਸੇ ਵਾਲਾ ਸਾਧ ਉਘੜ ਕੇ ਸਿੱਖ ਦੁਸ਼ਮਣੀ ਵਿੱਚ ਸਾਹਮਣੇ ਆ ਗਿਆ ਹੈ।ਪਰ ਇਸ ਤੋਂ ਬਿਨਾਂ ਕੂਕੇ, ਨਿਰੰਕਾਰੀ ਤੇ ਰਾਧਾ ਸਵਾਮੀ ਭੀ ਇਨ੍ਹਾਂ ਹੀ ਲੀਹਾਂ ‘ਤੇ ਚੱਲ ਰਹੇ ਹਨ। ਗਿਆਨ ਵੱਲੋਂ ਸਿੱਖ ਸਮਾਜ ਇਨਾ ਖੋਖਲਾ ਹੋ ਚੁੱਕਿਆ ਹੇ ਕਿ ਭਨਿਆਰੇ ਵਾਲੇ ਤੇ ਆਸੂਤੋਸ਼ ਭਈਆ ਭੀ ਇਨ੍ਹਾਂ ਨੂੰ ਲੁੱਟ ਕੇ ਖਾ ਰਿਹਾ ਹੈ। ਸਿੱਖਾਂ ਦੇ ਅੰਦਰ ਪੋਚਵੀਆਂ ਪੱਗਾ,ਨੰਗੀਆਂ ਲੋਤਾਂ,ਬੀਬੀਆਂ ਦਾਹੜ੍ਹੀਆਂ ਤੇ ਗਾਤਰੇ ਕਿਰਪਾਨਾਂ ਪਹਿਨ ਕੇ ਵੀ ‘ਸੰਤ ਬ੍ਰਹਮ ਗਿਆਨੀ, ਸ੍ਰੀਮਾਨ 108,ਮਹਾਂਪੁਰਖ’ਅਖਵਾ ਕੇ ਆਪਨੀ ਪੂਜਾ ਕਰਵਾ ਰਹੇ ਹਨ। ਪੈਰਾਂ ‘ਤੇ ਸਿਰ ਰਖਵਾ ਕੇ ਮੱਥੇ ਟਿਕਵਾ ਰਹੇ ਹਨ। ਕਲਗੀਆਂ ਲਾ ਕੇ ਗੁਰੂ ਗੋਬਿੰਦ ਸਿੰਘ ਵਾਂਗ ਪੋਜ਼ ਬਣਾ ਕੇ ਤਸਵੀਰਾਂ ਖਿਚਵਾ ਕੇ ਵੰਡ ਫ਼ਵੇਚ ਰਹੇ ਹਨ। ਸਤਿਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ। ਇਨ੍ਹਾਂ ਗੋਗੜਾਂ(ਦੇਹਾਂ)ਪਿੱਛੇ ਨਹੀਂ। ਭਾਈ ਗੁਰਦਾਸ ਜੀ ਬੜੇ ਸੁੰਦਰ ਤਰੀਕੇ ਨਾਲ ਸਸਝਾਉਦੇ ਹਨ:

ਪੰਚ ਬਾਰ ਗੰਗ ਜਾਇ, ਬਾਰ ਪੰਚ ਪ੍ਰਾਗ ਨ੍ਹਾਇ,

ਤੈਸਾ ਪੁੰਨ ਏਕ ਗੁਰਸਿਖ ਕਉ ਨ੍ਹਵਾਏ ਕਾ ॥

ਸਿਖ ਕਉ ਪਿਲਾਇ ਪਾਨੀ ਭਾਉ ਕਰਿ ਕੁਰਖੇਤ,

ਅਸਮੇਧ ਜਗ ਫਲ ਸਿਖ ਕਉ ਜਿਵਾਏ ਕਾ ॥

ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ,

ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ ॥

ਜੈਸੇ ਬੀਸ ਬਾਰ ਦਰਸਨ ਸਾਧ ਕੀਆ ਕਾਹੂ,

ਤੈਸਾ ਫਲ ਸਿਖ ਕਉ ਚਾਪਿ ਪਗ ਸੁਆਏ ਕਾ॥   (ਭਾ. ਗੁ. 673)

ਹੇ ਭਾਈ ਜੇ ਕੋਈ ਪੰਚ ਵਾਰੀ ਗੰਗਾ ਇਸ਼ਨਾਨ ਕਰ ਲਵੇ। ਪੰਜ ਵਾਰੀ ਪ੍ਰਾਗ ਰਾਜ(ਇਲਾਹਾਬਾਦ)ਤੀਰਥ ‘ਤੇ ਜਾ ਕੇ ਇਸ਼ਨਾਨ ਕਰ ਲਵੇ।ਇਨ੍ਹਾਂ ਤੀਰਥਾਂ’ਤੇ ਭਟਕਣ ਦੀ ਥਾਵੇਂ ਕਿਸੇ ਲੋੜਵੰਦ ਸਿੱਖ(ਔਰਤ-ਪੁਰਖ)ਦਾ ਇਸ਼ਨਾਨ ਕਰਵਾ ਦੇਵੇ, ਇਸ ਦਾ ਵੱਡਾ ਮਹਾਤਮ ਹੈ। ਕਿਸੇ ਜ਼ਰੂਰਤਮੰਦ ਨੂੰ ਜਲ ਛਕਾਉਣ ਦਾ ਫੱਲ ਕੁਰੂਕਸ਼ੇਤਰ ਦੇ ਤੀਰਥ ਜਿੰਨਾ ਹੈ। ਜਿੰਨਾ ਪੁੰਨ ਫੱਲ ਲੋਕੀਂ ਅਸਮੇਧ ਜੱਗ ਦਾ ਮੰਨਦੇ ਹਨ, ੳਨਾ ਫੱਲ ਜ਼ਰੂਰਤਮੰਦ ਨੂੰ ਖਾਣਾ ਖਵਾਉਣ ਨਾਲ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਕੋਈ ਸਾਧਾਂ ਸੰਤਾਂ ਦੇ ਵੀਹ ਵਾਰੀ ਦਰਸ਼ਨ ਕਰ ਲਵੇ,ਇਸ ਨੂੰ ਪੁੰਨ ਕਰਮ ਸਮਝ ਲਵੇ।ਇਸ ਤੋਂ ਕਿਤੇ ਜ਼ਿਆਦਾ ਫੱਲ ਸਿੱਖ ਦੀ ਸੇਵਾ ਕਰਨ ਵਿੱਚ ਹੈ।ਦਖਿਆਰੇ ਜ਼ਰੂਰਤਮੰਦਾਂ ਦੀ ਸੇਵਾ ਹੀ ਮਹਾਨ ਸੇਵਾ ਹੈ।

ਗੁਰੂ ਸਾਹਿਬ ਨੇ ਸਾਰੇ ਇਨਸਾਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਸੀ। ਛੋਟੇ-ਵੱਡੇ, ਊਚ-ਨੀਚ ਖ਼ਤਮ ਕਰ ਕੇ ਸਾਰਿਆਂ ਨੂੰ ‘ਭਾਈ-ਭੈਣਾਂ ਅਤੇ ਸਿੱਖ’ਬਣਾਇਆ ਸੀ। ਸਾਧਾਂ ਸੰਤਾਂ ਦੀ ਕੋਈ ਸ੍ਰੇਣੀ ਗੁਰੂ ਜੀ ਨੇ ਪੈਦਾ ਨਹੀਂ ਕੀਤੀ। ਨਾ ਕਿਸੇ ਸਾਧ ਟੋਲੇ ਨੂੰ ਮਾਨਤਾ ਦਿੱਤੀ ਹੈ।