ਜਨਮ ਤੇ ਨਾਮ -ਸੰਸਕਾਰ ॥ ਸਿੱਖ ਰਹਿਤ ਮਰਯਾਦਾ

ਸਿੱਖ ਦੇ ਘਰ ਬਾਲਕ ਦਾ ਜਨਮ ਹੋਣ ਮਗਰੋਂ ਜਦ ਮਾਤਾ ਉੱਠਣ, ਬੈਠਣ ਤੇ ਇਸ਼ਨਾਨ ਕਰਨ ਦੇ ਯੋਗ ਹੋਵੇ ਤਾਂ (ਦਿਨਾਂ ਦੀ ਕੋਈ ਗਿਣਤੀ ਮੁਕੱਰਰ ਨਹੀਂ) ਟੱਬਰ ਤੇ ਸੰਬੰਧੀ ਗੁਰਦੁਆਰੇ ਕੜਾਹ ਪ੍ਰਸ਼ਾਦਿ ਲੈ ਕੇ ਜਾਣ ਜਾਂ ਕਰਾਉਣ ਅਤੇ ਗੁਰੁ ਜੀ ਦੇ ਹਜ਼ੂਰ ‘ਪਰਮੇਸਰਿ ਦਿਤਾ ਬੰਨਾ’ (ਸੋਰਠਿ ਮ:ਪ), ‘ਸਤਿਗੁਰ ਸਾਚੈ ਦੀਆ ਭੇਜਿ’ (ਆਸਾ ਮ: ਪ) ਆਦਿ ਖ਼ੁਸ਼ੀ ਤੇ ਧੰਨਵਾਦ ਵਾਲੇ ਸ਼ਬਦ ਪੜ੍ਹਨ, ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਹੋਵੇ ਤਾਂ ਪਾਠ ਦਾ ਭੋਗ ਪਾਇਆ ਜਾਵੇ, ਫਿਰ ਵਾਕ ਲਿਆ ਜਾਵੇ ।

ਵਾਕ ਦੇ ਅਰੰਭ ਦੇ ਸ਼ਬਦ ਦਾ ਜੋ ਪਹਿਲਾ ਅੱਖਰ ਹੋਵੇ, ਉਸ ਤੋਂ ਗ੍ਰੰਥੀ ਸਿੰਘ ਬੱਚੇ ਦਾ ਨਾਮ ਤਜਵੀਜ਼ ਕਰੇ ਅਤੇ ਸੰਗਤ ਦੀ ਪ੍ਰਵਾਨਗੀ ਲੈ ਕੇ ਨਾਮ ਪ੍ਰਗਟ ਕਰੇ। ਲੜਕੇ ਦੇ ਨਾੳਂ ਪਿੱਛੇ ‘ਸ਼ਿੰਘ’ ਸ਼ਬਦ ਅਤੇ ਲੜਕੀ ਦੇ ਨਾਮ ਪਿੱਛੇ ‘ਕੌਰ’ਸ਼ਬਦ ਲਗਾਇਆ ਜਾਵੇ। ਉਪ੍ਰੰਤ,ਅਨੰਦ ਸਾਹਿਬ (ਛੇ ਪਉੜੀਆਂ) ਮਗਰੋਂ ਬੱਚੇ ਦੇ ਨਾਮ ਸੰਸਕਾਰ ਦੀ ਖ਼ੁਸ਼ੀ ਦਾ ਯੋਗ ਸ਼ਬਦਾਂ ਵਿੱਚ ਅਰਦਾਸਾ ਕਰ ਕੇ ਕੜਾਹ ਪ੍ਰਸ਼ਾਦਿ ਵਰਤਾਇਆ ਜਾਵੇ, ਜਨਮ ਦੇ ਸੰਬੰਧ ਵਿਚ ਖਾਣ-ਪੀਣ ਵਿਚ ਕੋਈ ਸੂਤਕ ਦਾ ਭਰਮ ਨਹੀਂ ਕਰਨਾ, ਕਿਉਂਕਿ: ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ  ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਮਾਨ ਤੋਂ ਚੋਲਾ ਬਣਾ ਕੇ ਪਾਉਣਾ ਆਦਿ ਮਨਮੱਤ ਹੈ।